Skip to content

ਰੈਂਟਰ ਸਰਵਿਸਿਜ਼ ਸੈਂਟਰ ਸਰਵੇ

ਵੈਨਕੂਵਰ ਸਿਟੀ, ਸ਼ਹਿਰ ਵਿਚ ਇਕ “ਰੈਂਟਰ ਸਰਵਿਸਿਜ਼ ਸੈਂਟਰ” ਬਣਾਉਣ ਦੀ ਤਜਵੀਜ਼ ਦੇ ਰਿਹਾ ਹੈ ਜਿੱਥੋਂ ਕਿਰਾਏਦਾਰ ਮਦਦ ਲੈ ਸਕਦੇ ਹਨ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਕਿਰਾਏਦਾਰ ਕਮਿਉਨਟੀ ਵਿਚਲੀਆਂ ਸੰਸਥਾਵਾਂ ਉੱਪਰ ਨਿਰਭਰ ਕਰਦੇ ਹਨ ਜਿਹੜੀਆਂ ਉਨ੍ਹਾਂ ਦੀ ਸੁਰੱਖਿਅਤ, ਢੁਕਵੀਂ ਅਤੇ ਵਾਰਾ ਖਾਣ ਯੋਗ ਰਿਹਾਇਸ਼ ਕਾਇਮ ਰੱਖਣ ਵਿਚ ਮਦਦ ਕਰਨ ਲਈ ਵਸੀਲੇ ਅਤੇ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਲੋੜੀਂਦੀਆਂ ਸੇਵਾਵਾਂ ਤੱਕ ਪਹੁੰਚ ਕਰਨ ਵਿਚ ਕਿਰਾਏਦਾਰਾਂ ਦੀ ਮਦਦ ਕਰਨ ਲਈ ਅਸੀਂ ਸੰਸਥਾਵਾਂ ਨੂੰ 900 ਹਾਓ ਸਟਰੀਟ `ਤੇ ਇਕ ਛੱਤ ਥੱਲੇ ਇਕੱਠਾ ਕਰਨ ਦੇ ਖਿਆਲ `ਤੇ ਵਿਚਾਰ ਕਰ ਰਹੇ ਹਾਂ। 

ਤਜਵੀਜ਼ਸ਼ੁਦਾ ਰੈਂਟਰ ਸਰਵਿਸਿਜ਼ ਸੈਂਟਰ ਵੱਖ ਵੱਖ ਸੇਵਾਵਾਂ ਦੇ ਸਕਦਾ ਹੈ ਜਿਵੇਂ ਕਿ ਕੱਢੇ ਜਾਣ ਦਾ ਸਾਮ੍ਹਣਾ ਕਰ ਰਹੇ ਕਿਰਾਏਦਾਰਾਂ ਲਈ ਕਾਨੂੰਨੀ ਮਦਦ, ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਨ ਲਈ ਕਿਰਾਏਦਾਰਾਂ ਨੂੰ ਸਿੱਖਿਆ, ਸ਼ਹਿਰ ਅਤੇ ਸੂਬੇ ਦੀਆਂ ਪੌਲਸੀਆਂ ਨੂੰ ਸਮਝਣ ਵਿਚ ਮਦਦ, ਰਿਹਾਇਸ਼ਾਂ ਲਈ ਅਰਜ਼ੀਆਂ ਭਰਨ ਵਿਚ ਮਦਦ ਅਤੇ ਹੋਰ। ਸਾਡਾ ਟੀਚਾ ਵੈਨਕੂਵਰ ਦੇ ਕਿਰਾਏਦਾਰਾਂ ਦੀ ਮਦਦਾਂ, ਸਿਖਿਆ ਅਤੇ ਕਾਨੂੰਨੀ ਹਿਮਾਇਤ ਤੱਕ ਪਹੁੰਚ ਵਿਚ ਸੁਧਾਰ ਕਰਨਾ ਹੈ।

ਅਸੀਂ ਅਜਿਹੇ ਰੈਂਟਰ ਸਰਵਿਸਿਜ਼ ਸੈਂਟਰ  ਦੀ ਪਲੈਨ ਕਿਵੇਂ ਬਣਾ ਸਕਦੇ ਹਾਂ ਜਿਹੜਾ ਵੈਨਕੂਵਰ ਵਿਚ ਕਿਰਾਏਦਾਰ ਵਜੋਂ ਤੁਹਾਡੀਆਂ ਲੋੜਾਂ ਸਭ ਤੋਂ ਬਿਹਤਰ ਤਰੀਕੇ ਨਾਲ ਪੂਰੀਆਂ ਕਰਦਾ ਹੋਵੇ?

ਕਿਰਾਏਦਾਰ ਵਜੋਂ ਸੇਵਾਵਾਂ ਲੈਣ ਦੇ ਤੁਹਾਡੇ ਤਜਰਬਿਆਂ ਨੂੰ ਸਮਝਣ ਲਈ, ਅਸੀਂ 30 ਸਤੰਬਰ ਤੱਕ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ (ਇਹ ਸਰਵੇ ਪੂਰਾ ਕਰਨ ਲਈ ਤਕਰੀਬਨ 10-15 ਮਿੰਟ ਲੱਗਣੇ ਚਾਹੀਦੇ ਹਨ)। ਕਿਰਾਏ ਦਾ ਘਰ ਲੱਭਣ ਅਤੇ ਕਾਇਮ ਰੱਖਣ ਲਈ ਤੁਸੀਂ ਕਿਹੜੀਆਂ ਮਦਦਾਂ ਅਤੇ ਸੇਵਾਵਾਂ ਲਈਆਂ ਹਨ? ਕਿਹੜੀ ਚੀਜ਼ ਨੇ ਉਹ ਸੇਵਾਵਾਂ ਲੈਣ ਵਿਚ ਤੁਹਾਡੀ ਮਦਦ ਕੀਤੀ ਹੈ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ? ਕਿਸ ਚੀਜ਼ ਨੇ ਤੁਹਾਡੇ ਲਈ ਸੇਵਾਵਾਂ ਲੈਣਾ ਔਖਾ ਬਣਾਇਆ ਹੈ?

ਅਸੀਂ ਆਪਣਾ ਸਰਵੇ ਤਿੰਨ ਹਿੱਸਿਆਂ ਵਿਚ ਵੰਡਿਆ ਹੈ:

  1. ਕਿਰਾਏਦਾਰ ਵਜੋਂ ਮਦਦਾਂ ਅਤੇ ਸੇਵਾਵਾਂ ਲੈਣ ਦੇ ਤੁਹਾਡੇ ਤਜਰਬੇ,
  2. ਸੈਂਟਰ ਬਾਰੇ ਤੁਹਾਡੇ ਮੁਢਲੇ ਵਿਚਾਰ, ਅਤੇ
  3. ਹਿੱਸਾ ਲੈਣ ਵਾਲੇ ਕਿਰਾਏਦਾਰਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਵਿਚ ਸਾਡੀ ਮਦਦ ਲਈ ਅੰਕੜਿਆਂ ਦੀ ਜਾਣਕਾਰੀ। 

ਪ੍ਰਾਈਵੇਸੀ ਬਾਰੇ ਬਿਆਨ

ਇਸ ਸਰਵੇ ਰਾਹੀਂ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਵੈਨਕੂਵਰ ਵਿਚ ਰੈਂਟਰ ਸਰਵਿਸਿਜ਼ ਸੈਂਟਰ ਤਿਆਰ ਕਰਨ ਅਤੇ ਵੈਨਕੂਵਰ ਸਿਟੀ ਵਲੋਂ ਕਿਰਾਏਦਾਰਾਂ ਦੀ ਜ਼ਿਆਦਾ ਵੱਡੇ ਪੱਧਰ `ਤੇ ਮਦਦ ਕਰਨ ਦੇ ਕੰਮ ਲਈ ਕੀਤੀ ਜਾਵੇਗੀ। ਸਰਵੇ ਦੇ ਨਤੀਜੇ ਸਮੁੱਚੇ ਰੂਪ ਵਿਚ ਉਪਲਬਧ ਕਰਵਾਏ ਜਾਣਗੇ ਅਤੇ ਕੋਈ ਵੀ ਨਿੱਜੀ ਜਵਾਬ ਜਨਤਕ ਨਹੀਂ ਕੀਤੇ ਜਾਣਗੇ। ਸਰਵੇ ਦਾ ਸੰਖੇਪ ਪਤਝੜ ਰੁੱਤ ਵਿਚ ਸਾਂਝਾ ਕੀਤਾ ਜਾਵੇਗਾ। 

ਵੈਨਕੂਵਰ ਸਿਟੀ ਤੁਹਾਡੀ ਭੇਤਦਾਰੀ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਤੁਸੀਂ ਜਿਹੜੀ ਵੀ ਨਿੱਜੀ ਜਾਣਕਾਰੀ ਸਾਨੂੰ ਦਿੰਦੇ ਹੋ ਉਸ ਨੂੰ ਫ੍ਰੀਡਮ ਔਫ ਇਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਔਫ ਪ੍ਰਾਈਵੇਸੀ ਐਕਟ ਅਤੇ ਲਾਗੂ ਹੋਣ ਵਾਲੇ ਹੋਰ ਕਾਨੂੰਨਾਂ ਮੁਤਾਬਕ ਸਾਂਭਿਆ ਜਾਂਦਾ ਹੈ। ਸਾਡੇ ਵਲੋਂ ਇਕੱਠੀ ਕੀਤੀ ਜਾਣ ਵਾਲੀ ਕੋਈ ਵੀ ਨਿੱਜੀ ਜਾਣਕਾਰੀ ਸਿਰਫ ਸਿਟੀ ਦੀਆਂ ਸੇਵਾਵਾਂ ਦਾ ਪ੍ਰਬੰਧ ਕਰਨ, ਤੁਹਾਨੂੰ ਸਾਡੀਆਂ ਸੇਵਾਵਾਂ ਅਤੇ ਫਾਇਦਿਆਂ ਦੀ ਜਾਣਕਾਰੀ ਦੇਣ, ਅਤੇ ਅੰਕੜਿਆਂ ਦੇ ਮੰਤਵਾਂ ਲਈ ਕੀਤੀ ਜਾਵੇਗੀ।